ਬਾਰ੍ਹਵੀਂ ਜਮਾਤ ਦੀਆਂ ਟਰਮ-2 ਪ੍ਰੀਖਿਆਵਾਂ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰੋਲ ਨੰਬਰ ਦੇਖੋ ਕਿੱਥੇ ਪਾਏ
ਐੱਸ.ਏ.ਐੱਸ. ਨਗਰ, 13 ਅਪਰੈਲ ( ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 22 ਅਪਰੈਲ ਨੂੰ ਆਰੰਭ ਹੋ ਰਹੀਆਂ ਬਾਰ੍ਹਵੀਂ ਸ਼੍ਰੇਣੀ ਦੀਆਂ ਟਰਮ-2, ਓਪਨ ਸਕੂਲ, ਵਾਧੂ ਵਿਸ਼ਾ, ਕਾਰਗੁਜ਼ਾਰੀ ਸੁਧਾਰ ਅਤੇ ਰੀ-ਅਪੀਅਰ ਪਰੀਖਿਆਵਾਂ ਲਈ ਪਰੀਖਿਆਰਥੀਆਂ ਦੇ ਰੋਲ ਨੰਬਰ /ਐਡਮਿਟ ਕਾਰਡ ਵੈੱਬ-ਸਾਈਟ 'ਤੇ ਅੱਪਲੋਡ ਕਰ ਦਿੱਤੇ ਗਏ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜੇ.ਆਰ.ਮਹਿਰੋਕ ਵੱਲੋਂ ਮੀਡੀਆ ਨੂੰ ਜਾਰੀ ਜਾਣਕਾਰੀ ਅਨੁਸਾਰ ਬਾਰ੍ਹਵੀਂ ਸ਼੍ਰੇਣੀ ਦੀ ਟਰਮ-2 ਪਰੀਖਿਆ ਦੇਣ ਵਾਲੇ ਰੈਗੂਲਰ ਪਰੀਖਿਆਰਥੀਆਂ ਦੇ ਰੋਲ ਨੰਬਰ/ਐਡਮਿਟ ਕਾਰਡ ਸਬੰਧਤ ਸੰਸਥਾਵਾਂ ਦੀਆਂ ਲਾਗ-ਇਨ ਆਈ.ਡੀ. 'ਤੇ ਅੱਪਲੋਡ ਕੀਤੇ ਜਾ ਚੁੱਕੇ ਹਨ। ਕੰਟਰੋਲਰ ਪਰੀਖਿਆਵਾਂ ਵੱਲੋਂ ਸਮੂਹ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਸੰਸਥਾ ਨਾਲ ਸਬੰਧਤ ਰੈਗੂਲਰ ਪਰੀਖਿਆਰਥੀਆਂ ਦੇ ਰੋਲ ਨੰਬਰ/ਐਡਮਿਟ ਕਾਰਡ ਸੰਸਥਾ ਦੀ ਲਾਗ-ਇਨ ਆਈ.ਡੀ. ਤੋਂ ਡਾਊਨਲੋਡ ਕਰ ਲੈਣ।
ਕੰਟਰੋਲਰ ਪਰੀਖਿਆਵਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਪਰੀਖਿਆਰਥੀਆਂ ਤੋਂ ਇਲਾਵਾ ਓਪਨ ਸਕੂਲ ਪ੍ਰਣਾਲੀ ਅਧੀਨ, ਵਾਧੂ ਵਿਸ਼ਾ, ਕਾਰਗੁਜ਼ਾਰੀ ਸੁਧਾਰ ਅਤੇ ਰੀ-ਅਪੀਅਰ ਕੈਟਾਗਰੀਆਂ ਦੀ ਪਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਦੇ ਰੋਲ ਨੰਬਰ/ਐਡਮਿਟ ਕਾਰਡ ਵੀ ਸਿੱਖਿਆ ਬੋਰਡ ਦੀ ਵੈੱਬ-ਸਾਈਟ ਤੇ ਅੱਪਲੋਡ ਕੀਤੇ ਜਾ ਚੁੱਕੇ ਹਨ। ਸਬੰਧਤ ਪਰੀਖਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੋਂ ਆਪਣੇ ਰੋਲ ਨੰਬਰ/ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਸ਼੍ਰੀ ਮਹਿਰੋਕ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਪਰੀਖਿਆ ਨਾਲ ਸਬੰਧਤ ਪਰੀਖਿਆਰਥੀਆਂ ਨੂੰ ਰੋਲ ਨੰਬਰ ਸਲਿੱਪ ਵੱਖਰੇ ਤੌਰ ਤੇ ਡਾਕ ਰਾਹੀਂ ਨਹੀਂ ਭੇਜੀ ਜਾਵੇਗੀ। ਜੇਕਰ ਰੋਲ ਨੰਬਰ ਸਲਿੱਪ ਵਿੱਚ ਕੋਈ ਵੀ ਤਰੂਟੀ ਪਾਈ ਜਾਂਦੀ ਹੈ ਤਾਂ ਸਬੰਧਤ ਪਰੀਖਿਆਰਥੀ ਠੋਸ ਸਬੂਤਾਂ ਸਮੇਤ ਹਰ ਹਾਲਤ ਵਿੱਚ 20 ਅਪਰੈਲ 2022 ਤੱਕ ਤਰੂਟੀ ਦੀ ਦਰੁਸਤੀ ਲਈ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਪਹੁੰਚ ਕੇ ਸੋਧ ਕਰਵਾਉਣ। ਪਰੀਖਿਆ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਸਿੱਖਿਆ ਬੋਰਡ ਦੀ ਈ-ਮੇਲ examsrsec@pseb.ac.in ਜਾਂ ਫ਼ੋਨ ਨੰਬਰ 0172-5227136, 0172-5227137 ਅਤੇ 01725227319 ਤੇ ਸੰਪਰਕ ਕੀਤਾ ਜਾ ਸਕਦਾ ਹੈ।

Comments
Post a Comment