ਆਧੁਨਿਕ ਫਲ਼ ਅਤੇ ਸਬਜ਼ੀ ਮੰਡੀ ਨੂੰ ‘ਆਪ’ ਸਰਕਾਰ ਦੀ ਸਵੱਲੀ ਨਜ਼ਰ ਦਾ ਇੰਤਜ਼ਾਰ

 ਖ਼ੁਦ ਦੀ ਬਣਾਈ ਹੋਈ 65 ਕਰੋਡ਼ੀ ਮੰਡੀ ਨੂੰ ਉਦਘਾਟਨ ਉਪਰੰਤ ਚਲਾ ਨਾ ਸਕੀਆਂ ਅਕਾਲੀ ਤੇ ਕਾਂਗਰਸ ਸਰਕਾਰਾਂ

ਮੋਹਾਲੀ, 14 ਅਪ੍ਰੈਲ
ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਮਸ਼ਹੂਰ ਹੋ ਰਹੇ ਸ਼ਹਿਰ ਮੋਹਾਲੀ ਦੇ ਫੇਜ਼ 11 ਵਿੱਚ ਅਕਾਲੀ ਸਰਕਾਰ ਦੇ ਵੇਲ਼ੇ ਕਰੀਬ 65 ਕਰੋਡ਼ ਰੁਪਏ ਖਰਚ ਕਰਕੇ ਬਣਾਈ ਗਈ ਏਅਰਕੰਡੀਸ਼ੰਡ ‘ਆਧੁਨਿਕ ਫਲ਼ ਅਤੇ ਸਬਜ਼ੀ ਮੰਡੀ’ ਨੂੰ ਉਦਘਾਟਨ ਕਰਨ ਤੋਂ ਬਾਅਦ ਵੀ ਨਾ ਤਾਂ ਅਕਾਲੀ ਸਰਕਾਰ ਹੀ ਚਾਲੂ ਕਰ ਸਕੀ ਅਤੇ ਨਾ ਹੀ ਕਾਂਗਰਸ ਪਾਰਟੀ ਦੀ ਸਰਕਾਰ। ਖੰਡਰ ਹੋ ਰਹੀ ਇਹ ਮੰਡੀ ਦੀ ਇਮਾਰਤ ਹੁਣ ਪੰਜਾਬ ਦੀ ਨਵੀਂ ‘ਆਮ ਆਦਮੀ ਪਾਰਟੀ’ ਦੀ ਸਰਕਾਰ ਦੀ ਨਜ਼ਰ ਸਵੱਲੀ ਹੋਣ ਦਾ ਇੰਤਜ਼ਾਰ ਕਰ ਰਹੀ ਹੈ।
ਦੱਸਣਯੋਗ ਹੈ ਕਿ ਇਸ ਮੰਡੀ ਦੀ ਇਮਾਰਤ ਦਾ ਉਦਘਾਟਨ 8 ਫ਼ਰਵਰੀ 2014 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ ਪ੍ਰੰਤੂ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਇਮਾਰਤ ਖੰਡਰ ਹੀ ਬਣੀ ਪਈ ਹੈ ਕਿਉਂਕਿ ਇੱਥੇ ਕੋਈ ਵੀ ਸ਼ੋਅਰੂਮ ਆਦਿ ਨਹੀਂ ਖੁੱਲ੍ਹ ਸਕੇ ਅਤੇ ਨਾ ਹੀ ਇੱਥੇ ਮੱਛੀ ਮਾਰਕੀਟ ਚਾਲੂ ਹੋ ਸਕੀ। ਸੂਤਰਾਂ ਦੀ ਮੰਨੀਏ ਤਾਂ ਇੱਥੇ ਸ਼ੋਅਰੂਮ ਖੋਲ੍ਹਣ ਦੇ ਲਈ ਆਡ਼੍ਹਤੀ ਤਾਂ ਸਹਿਮਤ ਹੋ ਰਹੇ ਹਨ ਪ੍ਰੰਤੂ ਕਿਰਾਇਆ ਬਹੁਤ ਜ਼ਿਆਦਾ ਹੋਣ ਕਰਕੇ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ।  



*ਮੋਹਾਲੀ ਦੇ ਫੇਜ਼ 11 ਵਿੱਚ ਏਅਰਕੰਡੀਸ਼ੰਡ ਆਧੁਨਿਕ ਫਲ਼ ਅਤੇ ਸਬਜ਼ੀ ਮੰਡੀ ਦੀ ਇਮਾਰਤ।*

ਨਵੀਂ ਮਾਰਕੀਟ ਕਮੇਟੀ ਬਣਨ ਨਾਲ ਚਾਲੂ ਹੋਣ ਦੀ ਉਮੀਦ ਬਣੀ :
ਫੇਜ਼ 11 ਮੋਹਾਲੀ ਵਿਚਲੀ ਇਹ ਆਧੁਨਿਕ ਫਲ ਤੇ ਸਬਜ਼ੀ ਮੰਡੀ ਭਾਵੇਂ ਹਾਲੇ ਤੱਕ ਚਾਲੂ ਨਹੀਂ ਹੋ ਸਕੀ ਪ੍ਰੰਤੂ ਹੁਣ ਮਾਰਕੀਟ ਕਮੇਟੀ ਮੋਹਾਲੀ ਬਣ ਜਾਣ ਉਪਰੰਤ ਇਸ ਮੰਡੀ ਦੇ ਚਾਲੂ ਹੋਣ ਦੀ ਉਮੀਦ ਬਣੀ ਹੈ। ਜ਼ਿਲ੍ਹਾ ਮੰਡੀ ਅਫ਼ਸਰ ਭਜਨ ਕੌਰ ਸੰਧੂ ਅਤੇ ਨਵੀਂ ਬਣੀ ਮਾਰਕੀਟ ਕਮੇਟੀ ਦੇ ਤਾਇਨਾਤ ਹੋਏ ਪਹਿਲੇ ਸਕੱਤਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਹੁਕਰੋਡ਼ੀ ਇਮਾਰਤ ਵਿੱਚ ਕਿਸਾਨ ਮੰਡੀ ਲਗਾਉਣੀ ਤਾਂ ਚਾਲੂ ਕਰ ਦਿੱਤੀ ਗਈ ਹੈ ਅਤੇ ਆਡ਼੍ਹਤੀਆਂ ਨਾਲ ਵੀ ਰਾਬਤਾ ਬਣਾਇਆ ਜਾ ਰਿਹਾ ਹੈ। ਮੰਡੀ ਅਫ਼ਸਰ ਨੇ ਦੱਸਿਆ ਕਿ ਹੁਣ ਦੋ ਦਰਜਨ ਦੇ ਕਰੀਬ ਆਡ਼੍ਹਤੀਆਂ ਵੱਲੋਂ ਸ਼ੋਅਰੂਮਾਂ ਦੇ ਲਈ ਅਪਲਾਈ ਕੀਤਾ ਗਿਆ ਹੈ ਜਿਨ੍ਹਾਂ ਦੀ ਕਿਰਾਇਆ ਘੱਟ ਕਰਨ ਦੀ ਮੰਗ ਬਾਰੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਜੇਕਰ ਕਿਰਾਇਆ ਘੱਟ ਕਰਨ ਬਾਰੇ ਸਰਕਾਰੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਮੰਡੀ ਵਿੱਚ ਰੌਣਕ ਸ਼ੁਰੂ ਹੋ ਜਾਵੇਗੀ।
ਮੋਹਾਲੀ/ਚੰਡੀਗਡ਼੍ਹ ਤੇ ਆਸ ਪਾਸ ਦੇ ਲੋਕਾਂ ਨੂੰ ਮਿਲ ਸਕਦੀ ਹੈ ਸਹੂਲਤ :
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੋਹਾਲੀ ਦੇ ਫੇਜ਼ 11 ਸਥਿਤ ਉਕਤ ਆਧੁਨਿਕ ਫਲ਼ ਤੇ ਸਬਜ਼ੀ ਮੰਡੀ ਬਣ ਜਾਂਦੀ ਹੈ ਤਾਂ ਮੋਹਾਲੀ ਅਤੇ ਚੰਡੀਗਡ਼੍ਹ ਦੇ ਲੋਕਾਂ ਨੂੰ ਸਬਜ਼ੀਆਂ ਅਤੇ ਫਲ਼ਾਂ ਦੀ ਖਰੀਦੋ ਫਰੋਖ਼ਤ ਦਾ ਕਾਫ਼ੀ ਫ਼ਾਇਦਾ ਮਿਲ ਸਕਦੀ ਹੈ।


Comments

Popular posts from this blog

ਸੱਥ ਦੀ ਪੀ.ਯੂ ਇਕਾਈ ਦਾ ਪ੍ਰਧਾਨ, ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਵਜੋਂ ਦੇਖੋ ਕਿਸ ਨੂੰ ਮਿਲੀ ਜ਼ਿੰਮੇਵਾਰੀ

ਪੁੱਡਾ ਦਾ ਕਰਮਚਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਫਡ਼ਿਆ

ਚੰਡੀਗਡ਼੍ਹ ਪੰਜਾਬੀ ਮੰਚ ਵੱਲੋਂ ਸੈਕਟਰ 17 ਵਿੱਚ ਧਰਨਾ ਦੇਖੋ ਕਦੋਂ